History

ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਾ: ਨੌਵੀਂ ਪਟਿਆਲਾ ਦਾ ਇਤਿਹਾਸ

                          ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਹੈ। ਇਹ ਗੁਰਦੁਆਰਾ ਸਾਹਿਬ ਸਰਹਿੰਂਦ-ਪਟਿਆਲਾ ਰੋਡ ਤੇ ਬੱਸ ਸਟੈਂਡ  ਅਤੇ ਰੇਲਵੇ ਸਟੇਸ਼ਨ ਪਟਿਆਲਾ ਦੇ ਬਿਲਕੁਲ ਨੇੜੇ ਸਥਿੱਤ ਹੈ।ਜਿਸਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਅਧੀਂਨ ਹੈ

                         ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ਹੀਦੀ ਦੇਣ ਲਈ ਜਾਂਦਿਆ ਸੈਫਾਬਾਦ (ਬਹਾਦਰਗੜ੍ਹ) ਵਿਖੇ ਨਵਾਬ ਸੈਫਖਾਨ ਦੀ ਬੇਨਤੀ ਪ੍ਰਵਾਨ ਕਰਦਿਆਂ ਇਸ ਅਸਥਾਨ ‘ਤੇ ਤਿੰਨ ਮਹੀਨੇ ਤੇ ਕੁਝ ਸਮਾਂ ਠਹਿਰੇ ਤੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕੀਤਾ।ਗੁਰੂ ਜੀ ਦੇ ਚਰਨ ਛੋਹ ਪ੍ਰਾਪਤ ਇਸ ਧਰਤੀ ‘ਤੇ ਅੱਜ ਕੱਲ੍ਹ ਬਹੁਤ ਸੁੰਦਰ ਗੁਰੁਦਆਰਾ ਸਾਹਿਬਾਨ ਸੁਸ਼ੋਭਿਤ ਹਨ-ਇੱਕ ਗੁਰਦੁਆਰਾ ਸਾਹਿਬ ਰਾਜਪੁਰਾ ਜੀ.ਟੀ.ਰੋਡ ‘ਤੇ ਹੈ ਅਤੇ ਦੂਜਾ ਕਿਲ੍ਹੇ ਦੇ ਅੰਦਰ ਹੈ।ਇਸ ਅਸਥਾਨ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਨਾਲ ਬਹਾਦਰਗੜ੍ਹ ਕਰਕੇ ਜਾਣਿਆ ਜਾਂਦਾ ਹੈ।

                        ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੈਫਾਬਾਦ (ਬਹਾਦਰਗੜ੍ਹ) ਤੋਂ ਚੱਲ ਕੇ ਸੰਗਤਾਂ ਨੂੰ ਨਾਮ-ਬਾਣੀ ਦੇ ਪ੍ਰਚਾਰ ਰਾਹੀਂ ਨਿਹਾਲ ਕਰਦੇ ਹੋਏ ਇੱਕ ਝਿਊਰ ਸਿੱਖ ਭਾਗ ਰਾਮ ਦੀ ਬੇਨਤੀ ਮੰਨ ਕੇ ਪਿੰਡ ਲਹਿਲ ਵੱਲ ਇੱਕ ਪਾਣੀ ਦੇ ਟੋਬੇ ਦੇ ਕਿਨਾਰੇ ‘ਤੇ ਬਿਰਾਜਮਾਨ ਹੋਏ।(ਪਿੰਡ ਲਹਿਲ, ਜਿਸ ਦੀ ਹੱਦ ਅੰਦਰ ਪਿੱਛੋਂ ਗੁ:ਸ੍ਰੀ ਦੂਖ ਨਿਵਾਰਨ ਸਾਹਿਬ ਬਣਿਆ, ਪਟਿਆਲਾ ਸ਼ਹਿਰ ਆਬਾਦ ਹੋਣ ਤੋਂ ਪਹਿਲਾਂ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਇਸੇ ਥਾਂ ਆਬਾਦ ਸੀ।ਇਸ ਪਿੰਡ ਦੇ ਚਾਰ ਦਰਵਾਜੇ ਸਨ ਤੇ ਇਸ ਦੇ ਚੁਗਿਰਦੇ ਕਿਲ੍ਹੇ ਦੀ ਸ਼ਕਲ ਵਿੱਚ ਫਸੀਲ (ਕੰਧ) ਬਣੀ ਹੋਈ ਸੀ।ਸੰਨ 1763 ਈ: ਵਿੱਚ ਜਦ ਬਾਬਾ ਆਲਾ ਸਿੰਘ ਜੀ ਨੇ ਚੁਰਾਸੀ ਦਾ ਇਲਾਕਾ (ਸਨੌਰ) ਫਤਹਿ ਕੀਤਾ, ਉਨ੍ਹਾਂ ਨੇ ਪਟਿਆਲਾ ਵਸਾ ਇਥੇ ਹੀ ਡੇਰਾ ਲਾਇਆ ਸੀ)  ਲਹਿਲ ਪਿੰਡ ਵਿੱਚ ਉਸ ਸਮੇਂ ਬੱਚਿਆਂ ਦੀ ਸੋਕੇ ਦੀ ਬਿਮਾਰੀ ਫੈਲੀ ਹੋਈ ਸੀ।ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਹੁਕਮ ਕੀਤਾ ਕਿ ਜੋ ਪ੍ਰਾਣੀ ਸ਼ਰਧਾ ਸਹਿਤ ਇੱਥੇ ਇਸ਼ਨਾਨ ਕਰੇਗਾ, ਉਸ ਦੇ ਰੋਗ ਦੂਰ ਹੋਣਗੇ।ਹੁਕਮ ਹੋਇਆ ਜੋ ਇੱਥੇ ਬਸੰਤ ਪੰਚਮੀ ਨੂੰ ਇਸ਼ਨਾਨ ਕਰੇਗਾ, ਉਸ ਨੂੰ ਸਾਰੇ ਤੀਰਥਾਂ ਦਾ ਫਲ ਪ੍ਰਾਪਤ ਹੋਵੇਗਾ।ਕਰਮਾ ਦੇਵੀ ਖਤਰਾਣੀ ਚਰਨੀਂ ਡਿੱਗੀ ਕਿ ਅਠਰਾਏ ਨਾਲ ਬਾਲ ਸ਼ਾਂਤ ਹੋ ਜਾਂਦੇ ਹਨ।ਹੁਕਮ ਹੋਇਆ ਕਿ ਇੱਥੇ ਇਸ਼ਨਾਨ ਕਰੋ, ਸਾਰੇ ਰੋਗ ਦੂਰ ਹੋਣਗੇ।

                      ਇਹ ਅਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਬਿ ਜੀ ਦੀ ਚਰਨ ਛੋਹ ਪ੍ਰਾਪਤ ਗੁ:ਸ੍ਰੀ ਦੂਖ ਨਵਾਰਨ ਸਾਹਬਿ ਕਰਕੇ ਜਾਣਆਿ ਜਾਂਦਾ ਹੈ।ਇਸ ਅਸਥਾਨ ‘ਤੇ ਸੀ ਗੁਰੂ  ਤੇਗ ਬਹਾਦਰ ਸਾਹਬਿ ਜੀ ਦੇ ਕਰ ਕਮਲਾਂ ਨਾਲ ਲਖਿਆਿ ਹੋਇਆ ਹੁਕਮਨਾਮਾ ਵੀ ਸੁਸ਼ੋਭਤਿ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਗਤਾਂ ਨੂੰ ਉਪਦੇਸ਼ ਕਰਕੇ 06 ਮਾਘ ਸ਼ੁਕਲ ਪੰਚਮੀ 1728 ਬਿਕ੍ਰਮੀ ਨੂੰ ਗੁ:ਮੋਤੀ ਬਾਗ ਸਾਹਿਬ ਵਿਖੇ ਚਲੇ ਗਏ, ਜਿਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਯਾਦ ਵਿੱਚ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ।

      ਸਰਕਾਰੀ ਅਸਤਬਲ ਤੇ ਪਟਿਆਲਾ–ਜਾਖਲ ਰੇਲਵੇ ਦਾ ਪੱਥਰ (ਇੱਕ ਘਟਨਾ)

                       ਇਸ ਕਸ਼ਮ-ਕਸ਼ ਤੋਂ ਪਿੱਛੋਂ ਸੰਨ 1919 ਈਸਵੀ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਜੀ ਪਟਿਆਲਾ ਨੇ ਦੂਖ ਨਿਵਾਰਨ ਦੇ ਸਥਾਨ ਤੋਂ ਛਿਪਦੇ ਵੱਲ, ਜਿਥੇ ਕਿ ਖਾਲਸਾ ਹਾਈ ਸਕੂਲ ਸੀ, ਘੋੜਿਆਂ ਦੇ ਅਸਤਬਲ ਬਣਾ ਦਿੱਤੇ ਤੇ ਇਸ ਤੋਂ ਅਗਲੇ ਸਾਲ ਸੰਨ 1920 ਵਿੱਚ ਜਦ ਸਰਹਿੰਦ–ਰੋਪੜ ਰੇਲਵੇ ਲਾਈਨ ਬਣੀ ਤਾਂ ਦੀਵਾਨ ਸਰ ਦਯਾ ਕਿਸ਼ਨ ਕੋਲ ਵਜ਼ੀਰ ਆਜ਼ਿਮ ਨੇ ਪਟਿਆਲਾ-ਜਾਖਲ ਰੇਲਵੇ ਲਾਈਨ ਬਣਾਉ ਦੀ ਤਜਵੀਜ ਕਰਕੇ ਸਰਵੇ ਦਾ ਕੰਮ ਸ਼ੁਰੂ ਕਰਵਾ ਦਿੱਤਾ।
ਇਸ ਸਰਵੇ ਵਿੱਚ ਗੁ:ਸ੍ਰੀ ਦੂਖ ਨਿਵਾਰਨ ਸਾਹਿਬ ਦਾ ਵੱਡਾ ਬੋਹੜ ਉਸ ਲਾਈਨ ਦੇ ਐਨ ਵਿਚਕਾਰ ਆ ਗਿਆ, ਜਿਸ ਕਰਕੇ ਮੀਆਂ ਜ਼ਹੂਰੁਦੀਨ ਇੰਜਨੀਅਰ ਨੇ ਉਹ ਬੋਹੜ ਕੱਟਣ ਦਾ ਹੁਕਮ ਦੇ ਦਿੱਤਾ. ਪਰ ਕਈ ਮਜ਼ਦੂਰਾਂ ਨੇ, ਜਿਨ੍ਹਾਂ ਵਿੱਚ ਮੁਸਲਮਾਨ ਵੀ ਸਨ, ਸ਼ਹੀਦਾਂ ਦੀ ਯਾਦਗਾਰ ਕਹਿ ਕੇ ਉਹ ਬਰੋਟਾ ਕੱਟਣੋ ਨਾਂਹ ਕੀਤੀ।

                       ਇਹ ਸੁਣ ਕੇ ਉਹ ਮੁਸਲਮਾਨ ਇੰਜੀਨੀਅਰ ਦੁਪਹਿਰ ਨੂੰ ਰੋਟੀ ਖਾਣ ਗਿਆ ਨੂੰ ਅਜਿਹਾ ਸਖਤ ਬੁਖਾਰ ਚੜ੍ਹਿਆ ਕਿ ਤੀਜੇ ਦਿਨ ਉਸ ਦੀ ਮੌਤ ਹੋ ਗਈ।ਫੇਰ ਦੂਜੇ ਇੰਜੀਨੀਅਰ ਨੇ, ਜੋ ਨਵਾਂ ਆਇਆ ਸੀ ਉਹ ਬੋਹੜ ਤਾਂ ਨਾ ਕਟਵਾਇਆ ਤੇ ਡਾਕਵੇਲ ਦੀ ਲਾਈਨ ਵਧਾ ਪਿੰਡ ਲਹਿਲ ਵੱਲ ਲੈ ਗਿਆ, ਜਿਸ ਕਰਕੇ ਉਸ ਦੇ ਘੇਰੇ ਵਿੱਚ ਚੌਧਰੀ ਕਾਕੂ ਸਿੰਘ ਸਫੈਦਪੋਸ਼ ਦੀ ਹਵੇਲੀ ਤੇ ਹੋਰ ਬਹੁਤ ਸਾਰੀ ਜ਼ਮੀਨ ਆ ਗਈ।ਇਹ ਦੇਖ ਕੇ ਰੇਲਵੇ ਦੇ ਅਫਸਰਾਂ ਨੇ ਇੱਕ ਨਵਾਂ ਨਕਸ਼ਾ ਬਣਾ ਕੇ ਮਹਾਰਾਜਾ ਭੁਪਿੰਦਰ ਸਿੰਘ ਦੇ ਪੇਸ਼ ਕੀਤਾ ਤੇ ਕਿਹਾ ਕਿ ਪਿੰਡ ਲਹਿਲ ਉੱਜੜ ਗਿਆ ਹੈ, ਇਸ ਲਈ ਉਥੇ ਸਰਕਾਰੀ ਕੋਠੀਆਂ ਬਣਾਈਆਂ ਜਾਣ।
ਮਹਾਰਾਜਾ ਭੁਪਿੰਦਰ ਸਿੰਘ ਜੀ ਦੂਜੇ ਦਿਨ ਘੋੜੇ ਉੱਤੇ ਚੜ੍ਹ ਕੇ ਮੌਕਾ ਦੇਖਣ ਗਿਆ ਤੇ ਪਿੰਡ ਲਹਿਲ ਪੁੱਜਣ ‘ਤੇ ਸਫੈਦਪੋਸ਼ ਕਾਕੂ ਸਿੰਘ ਦੀਆਂ ਅਰਜ਼ਾਂ ਸੁਣਨ ਸਾਰ ਮਹਾਰਾਜੇ ਨੇ ਉਹ ਰੇਲਵੇ ਜੰਕਸ਼ਨ ਦੀ ਸਕੀਮ ਉਸੇ ਵੇਲੇ ਰੱਦ ਕਰ ਦਿੱਤੀ।

ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਬਣਾਉਣ ਦੀ ਤਜਵੀਜ਼

                      ਇਸ ਤੋਂ ਬਾਅਦ ਸੰਨ 1922 ਵਿੱਚ ਚੌਧਰੀ ਕਾਕੂ ਸਿੰਘ ਦੇ ਰਾਇ ਦੇਣ ‘ਤੇ ਨਿਹੰਗ ਸਿੰਘਾਂ ਵਾਲੇ ਸਥਾਨ ‘ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦਗਾਰ ਵਿੱਚ ਉਸੇ ਤਰ੍ਹਾਂ ਗੁਰਦੁਆਰਾ ਬਣਾਉਣ ਦੀ ਤਜਵੀਜ਼ ਹੋਈ ਜਿਸ ਤਰ੍ਹਾਂ ਕਿ ਇਸ ਤੋਂ ਢੇਰ ਸਮ੍ਹਾਂ ਪਹਿਲਾਂ ਮਹਾਰਾਜਾ ਪਟਿਆਲਾ ਦੇ ਯਤਨਾਂ ਨਾਲ ਮੋਤੀ ਬਾਗ ਰਾਜ ਮਹਿਲ ਦੇ ਨੇੜੇ ਗੁਰੂ ਜੀ ਦੀ ਯਾਦਗਾਰ ਗੁ:ਮੋਤੀ ਬਾਗ ਸਾਹਿਬ ਬਣਾਇਆ ਗਿਆ ਸੀ।ਇਸ ਸ਼ੁਭ ਕਾਰਜ ਵਿੱਚ ਚੌਧਰੀ ਕਾਕੂ ਸਿੰਘ ਦੇ ਦਾਮਾਦ ਸਰਦਾਰ ਗੁਰਦਿੱਤ ਸਿੰਘ ਜੀ ਨੇ ਇੱਕ ਨਿਹੰਗ ਸਿੰਘ ਨੂੰ ਅਸਥਾਨ ‘ਪੁਰ ਬਿਠਾਇਆ ਪਰ ਉਹ ਨਿਹੰਗ ਸਿੰਘ ਛੇਤੀ ਹੀ ਇਹ ਕਹਿ ਕੇ ਨੱਠ ਗਿਆ ਕਿ ਰਾਤੀਂ ਉਸ ਨੂੰ ਸ਼ਹੀਦ ਸਿੰਘ ਦਰਸ਼ਨ ਦੇ ਕੇ ਡਰਾਉਂਦੇ ਹਨ।ਫੇਰ ਚੌਧਰੀ ਕਾਕੂ ਸਿੰਘ ਨੇ ਆਪਣੇ ਗੁਜ਼ਰਨ ਤੋਂ ਪਹਿਲਾਂ 40 ਵਿੱਘੇ ਜ਼ਮੀਨ ਪਿੰਡ ਭਾਨਰੀ ਵਿੱਚੋਂ, ਜੋ ਪਟਿਆਲੇ ਤੋਂ 5-6 ਮੀਲ ਦੀ ਵਿੱਥ ‘ਤੇ ਛਿਪਦੇ ਵੱਲ ਹੈ, ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਨਾਂ ਲਗਵਾ ਦਿੱਤੀ ਤੇ ਬਾਕੀ ਜ਼ਮੀਨ ਉਹ ਆਪਣੇ ਸਬੰਧੀਆਂ ਨੂੰ ਦੇ ਗਏ।

ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੀ ਤਿਆਰੀ ਤੇ ਪ੍ਰਬੰਧਕ ਕਮੇਟੀ

                      ਸੰਨ 1930 ਈਸਵੀ ਨੂੰ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਪਿਆ ਤਾਂ ਬਹੁਤ ਸਾਰੇ ਪਤਵੰਤੇ ਸੱਜਣਾਂ ਦੀ ਹਾਜਰੀ ਸਮੇਂ ਜਿਹਨਾਂ ਵਿੱਚ ਸ੍ਰ.ਆਤਮਾ ਸਿੰਘ, ਸ੍ਰ.ਬਚਿੱਤਰ ਸਿੰਘ ਆਦਿ ਮੁਖੀ ਸਰਦਾਰ ਸਨ, ਸ੍ਰ.ਗੁਰਦਿੱਤ ਸਿੰਘ ਦੇ ਅਰਜ਼ ਕਰਨ ‘ਤੇ ਕਿ ਇਥੇ ਇਤਿਹਾਸਕ ਗੁ:ਸਾਹਿਬ ਪਹਿਲਾਂ ਆਬਾਦ ਸੀ ਤੇ ਫਿਰ ਸ੍ਰ. ਕਾਕੂ ਸਿੰਘ ਉਸ ਨੂੰ ਮੁੜ ਬਣਾਉਣਾ ਚਾਹੁੰਦੇ ਸਨ, ਇਸ ਲਈ ਹੁਣ ਇਹ ਗੁ:ਸਾਹਿਬ ਮੁੜ ਜ਼ਰੂਰ ਬਣਾਇਆ ਜਾਵੇ।ਸੋ ਇਹ ਤਜਵੀਜ਼ ਸਾਰੇ ਸੱਜਣਾਂ ਨੇ ਸਰਬ ਸੰਮਤੀ ਨਾਲ ਪ੍ਰਵਾਨ ਕੀਤੀ ਤੇ ਗੁ:ਕਮੇਟੀ ਬਣਨ ‘ਤੇ ਉਸੇ ਦਿਨ ਸਰਬੱਤ ਸੰਗਤ ਨੇ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਪਵਿੱਤਰ ਅਸਥਾਨ ‘ਪਰ ਜਿਥੇ ਹੁਣ ਗੁਰੂ ਕਾ ਲੰਗਰ ਹੈ, ਪੱਕੀਆਂ ਨੀਹਾਂ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ।

ਗੁਰਦੁਆਰਾ  ਸਾਹਿਬ  ਦੀ ਨੀਂਹ ਅਤੇ ਉਸਾਰੀ

                      ਸੰਨ 1930 ਵਿੱਚ ਇਸ ਗੁਰਦੁਆਰੇ ਵਾਸਤੇ ਸੰਤ ਜੁਆਲਾ ਸਿੰਘ ਜੀ ਨੇ ਅੰਮ੍ਰਿਤਸਰੋਂ 100 ਰੁਪਏ ਦਾ ‘ਨਿਸ਼ਾਨ ਸਾਹਿਬ, ਤੇ ‘ਖੰਡਾ’ ਬਣਵਾਇਆ।ਅੰਮ੍ਰਿਤਸਰ ਵਿੱਚ ਉਹਨੀ ਦਿਨੀਂ ਸ੍ਰ.ਹਰਿਚੰਦ ਸਿੰਘ ਜੀ ‘ਜੇਜੀ’ ਰਹਿੰਦੇ ਸਨ, ਜੋ ਕਿ ਕਿਸੇ ਕਾਰਨ ਪਟਿਆਲਿਉਂ ਕੱਢੇ ਹੋਏ ਸਨ।ਸ੍ਰ.ਹਰਿਚੰਦ ਸਿੰਘ ਹੁਰਾਂ ਨੇ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਦੀ ਸੇਵਾ ਕਰਵਾਉਣ ਲਈ 500 ਰੁਪਏ ਦਿੱਤੇ, ਜੋ ਪ੍ਰਵਾਨ ਕੀਤੇ ਗਏ ਤੇ ਗੁ:ਸਾਹਿਬ ਦੇ ਨਾਂ ਦਾ ਨਿਸ਼ਾਨ ਸਾਹਿਬ ਝੁਲਾ ਦਿੱਤਾ ਗਿਆ।ਫੇਰ ਗੁ:ਸ੍ਰੀ ਦੂਖ ਨਿਵਾਰਨ ਸਾਹਿਬ ਦੇ ਅਸਥਾਨ ‘ਪਰ ਖਲਾਸਾ ਜੀ ਦਾ ਪਹਿਲਾ ਦੀਵਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਬੋਹੜ ਦੇ ਲਾਗੇ ਮੈਦਾਨ ਵਿੱਚ ਸਜਿਆ, ਜਿਸ ਵਿੱਚ ਸੰਗਤ ਵੱਲੋਂ 1500 ਰੁਪਏ ਬਤੌਰ ਭੇਟਾ ਇਕੱਤਰ ਹੋ ਗਈ।ਸੋ ਇਸ ਤਰ੍ਹਾਂ ਹੋਰ ਵੀ ਚੋਖੀ ਮਾਇਆ ਇਕੱਤਰ ਹੋਣ ਤੇ ਸੰਤ ਬਿਸ਼ਨ ਸਿੰਘ ਜੀ ‘ਕਾਂਜਲਾ’ ਤੋਂ ਇਸ ਗੁਰਦੁਆਰੇ ਦਾ ਨੀਂਹ ਪੱਥਰ ਸੰਨ 1930 ਦੇ ਮਹੀਨਾ ਨਵੰਬਰ ਵਿੱਚ ਰਖਾਇਆ ਗਿਆ।

ਸ੍ਰ.ਆਤਮਾ ਸਿੰਘ ਜੀ ਇੰਜਨੀਅਰ ਨੇ ਇਸ ਦਰਬਾਰ ਦਾ ਨਕਸ਼ਾ ਉਲੀਕਿਆ।ਮਿਸਤਰੀ ਤਾਰਾ ਸਿੰਘ ਤੇ ਪ੍ਰੇਮ ਸਿੰਘ ਨੇ, ਜੋ ਅੰਮ੍ਰਿਤਸਰ ਸੰਤ ਜੁਆਲਾ ਸਿੰਘ ਜੀ ਆਪਣੇ ਨਾਲ ਲੈ ਕੇ ਆਏ ਸਨ, ਗੁਰਦੁਆਰੇ ਦੀ ਚਿਣਾਈ ਸ਼ੁਰੂ ਕਰ ਦਿੱਤੀ। ਗੁ:ਸਾਹਿਬ ਦੀ ਪਹਿਲੀ ਮੰਜ਼ਿਲ ਛੇ ਮਹੀਨੇ ਵਿੱਚ ਤਿਆਰ ਹੋਈ।ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮਹਾਰਾਣੀ ਉੱਭਾਵਾਲ ਵਾਲਿਆ ਨੇ ਚਾਂਦੀ ਦਾ ਚੌਰ ਤੇ ਸੁੱਚੇ ਰੇਸ਼ਮ ਦੀ ਚਾਨਣੀ ਆਦਿ ਭੇਜ ਕੇ ਕਰਵਾਇਆ ਤੇ ਇਸ ਤਰ੍ਹਾਂ ਮਹਾਰਾਣੀ ਸਾਹਿਬ ਰਾੜੇਵਲਾਲ ਨੇ ਬੜੀ ਸਹਾਇਤਾ ਦਿੱਤੀ ਤੇ ਉਹ ਲਗਭਗ ਦੋ ਸਾਲ ਗੁਰੂ ਕੇ ਲੰਗਰ ਦਾ ਸਾਰਾ ਖਰਚ ਵੀ ਦਿੰਦੇ ਰਹੇ।

ਅੰਮ੍ਰਿਤ ਸਰੋਵਰ ਦੀ ਤਾਮੀਰ

                   ਇਸ ਤੋਂ ਲਗਭਗ ਦੋ ਸਾਲ ਪਿੱਛੋਂ ਸੰਤ ਅਰਜਨ ਸਿੰਘ ਜੀ ਕਾਲੀ ਕੰਬਲੀ ਵਾਲਿਆਂ ਨੇ ਬੜਾ ਯਤਨ ਕਰਕੇ ਗੁਰਦੁਆਰੇ ਦੇ ਨਿਕਟ ਹੀ ‘ਅੰਮ੍ਰਿਤ ਸਰੋਵਰ’ ਦੀ ਤਾਮੀਰ ਸ਼ੁਰੂ ਕਰਵਾਈ ।ਇਸ ਸਰੋਵਰ ਦੇ ਲਈ ਭਾਈ ਤਾਰਾ ਸਿੰਘ ਨੰਬਰਦਾਰ, ਸ੍ਰ. ਗੁਰਚਰਨ ਸਿੰਘ, ਸ੍ਰ.ਗੁਰਦਿੱਤ ਸਿੰਘ ਆਦਿ ਲਹਿਲ ਨਿਵਾਸੀ ਸੱਜਣਾਂ ਨੇ 60 ਵਿੱਘੇ ਜ਼ਮੀਨ, ਜੋ ਗੁ:ਸਾਹਿਬ ਦੇ ਅਹਾਤੇ (ਕੰਪਲੈਕਸ) ਦੇ ਅੰਦਰ ਹੈ ਤੇ ਇਸ ਦੇ ਨਾਲ ਹੀ ਕੁਝ ਹੋਰ ਜ਼ਮੀਨ ਸ੍ਰ.ਹਰਿਚੰਦ ਸਿੰਘ ਜੇਜੀ ਅਤੇ ਮਹਾਰਾਣੀ ਸਾਹਿਬ ਰਾੜੇ ਵਾਲਿਆਂ ਨੇ ਅਰਦਾਸ ਕਰਵਾਈ।ਇਸ ਤਰਾਂ ਇਹ ਸਰੋਵਰ ਜੋ ਪਹਿਲਾਂ ਬੜੇ ਤੰਗ ਦਾਇਰੇ ਵਿੱਚ ਸੀ ਹੋਰ ਵੀ ਖੁੱਲਾ ਤੇ ਪੱਕਾ ਬਣ ਕੇ ਛੇਤੀ ਹੀ ਤਿਆਰ ਹੋ ਗਿਆ। ਨਿਹੰਗਾ ਦੇ ਸਮੇਂ ਤੋਂ ਜਦ ਇੱਥੇ ਅਜੇ ਕੱਚਾ ਸਰੋਵਰ ਹੀ ਸੀ, ਜਨਾਨੀਆਂ ਦੇ ਸੁੱਕੇ ਜਾਂ ਰੋਗੀ ਬੱਚੇ ਇਸ਼ਨਾਨ ਕਰਨ ‘ਤੇ ਤੰਦਰੁਸਤ ਹੋਏ ਮੰਨੇ ਜਾਂਦੇ ਸਨ, ਜਿਸ ਕਰਕੇ ਗੁ:ਸ੍ਰੀ ਦੂਖ ਨਿਵਾਰਨ ਸਾਹਿਬ ਬਣਨ ‘ਤੇ ਇਹ ਰਵਾਇਤ ਹੋਰ ਵੀ ਪੱਕੀ ਹੋ ਕੇ ਚੰਗੀ ਤਰ੍ਹਾਂ ਸ਼ਰਧਾ ਦਾ ਰੂਪ ਧਾਰਨ ਕਰ ਗਈ।

                     ਹੁਣ ਇਹ ਅੰਮ੍ਰਿਤ ਸਰੋਵਰ ਇਰਦ ਗਿਰਦ ਪੱਕੇ ਫਰਸ਼ ਬੱਝਣ, ਨਵੀਆਂ ਪੌੜੀਆਂ ਲੱਗਣ ਤੇ ਚੁਫੇਰੇ 12-12 ਫੁੱਟ ਉੱਚੀਆਂ ਪੱਕੀਆਂ ਕੰਧਾਂ ਉਸਰਨ ‘ਤੇ ਇੱਕ ਕਿਲ੍ਹੇ ਦੀ ਸ਼ਕਲ ਵਿੱਚ ਚੰਗਾ ਵੇਖਣ ਯੋਗ ਸੁਹਾਵਣਾ ਇਸ਼ਨਾਨ ਘਰ ਬਣ ਗਿਆ ਹੈ। ਇਹਨਾਂ ਕੰਧਾਂ ਨਾਲ ਹੀ 12-12 ਫੁੱਟ ਚੌੜਾਈ ਵਾਲਾ ਬਰਾਂਡਾ ਤਾਮੀਰ ਕੀਤਾ ਗਿਆ ਹੈ, ਜਿਥੇ ਸੰਗਤਾਂ ਪੁੱਜ ਕੇ ਬੜੀ ਆਸਾਨੀ ਨਾਲ ਇਸ਼ਨਾਨ-ਧਿਆਨ ਤੇ ਕੀਰਤਨ –ਕਥਾ ਆਦਿ ਦਾ ਰਸ ਮਾਣਦੀਆਂ ਹਨ।
ਸਰੋਵਰ ਦੇ ਤਾਜ਼ੇ ਪਾਣੀ ਦੀ ਆਵਾਜਾਈ ਤੇ ਮੈਲੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਵੀ ਬੜਾ ਸੁਚੱਜਾ ਤੇ ਵੇਖਣ ਯੋਗ ਬਣ ਗਿਆ ਹੈ ਤੇ ਸਰੋਵਰ ਦੇ ਅੰਦਰ ਤੇ ਚਾਰੇ ਪਾਸੇ ਪੰਜ ਪੌੜੀਆਂ ਛੱਡ ਕੇ ਇੱਕ ਪੌੜੀ ਉੱਤੇ ਚਾਰ ਫੁੱਟ ਉੱਚੀ ਬੜੀ ਖੂਬਸੂਰਤ ਜਾਲੀ ਲਾਈ ਗਈ ਹੈ।ਜਿਸ ਦੇ ਕਾਰਨ ਇਸ਼ਨਾਨ ਕਰਨ ਵਾਲੇ ਦਾ ਜੋ ਕਦੇ ਪੈਰ ਤਿਲ੍ਹਕ ਜਾਵੇ ਤਾਂ ਆਸਨੀ ਨਾਲ ਥੱਲੇ ਜਾਣੋ ਜਾਂ ਡੁੱਬਣ ਤੋਂ ਬਚ ਸਕਦੇ ਹਨ।

ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੀ ਪੂਰਨਤਾ

                   ਸੰਨ 1930 ਤੋਂ 1933 ਤੱਕ ਲਗਭਗ ਤਿੰਨਾਂ ਸਾਲਾਂ ਵਿੱਚ ਗੁ:ਸ੍ਰੀ ਦੂਖ ਨਿਵਾਰਨ ਸਾਹਿਬ ਦੀਆਂ ਦੋ ਮੰਜ਼ਲਾਂ ਤਿਆਰ ਹੋ ਗਈਆਂ ਸਨ।ਜਦ ਇਹ ਸਾਰਾ ਕੰਮ ਸਿਰੇ ਚੜ੍ਹਨ ‘ਤੇ ਗੁਰਦੁਆਰੇ ਵਿੱਚ ਕਥਾ –ਕੀਰਤਨ ਦੀ ਬਕਾਇਦਾ ਚੰਗੀ ਰੌਣਕ ਹੋਣ ਲੱਗ ਪਈ ਤਾਂ ਗੁਰੂ ਘਰ ਦਾ ਵਧਦਾ ਪ੍ਰਤਾਪ ਦੇਖ ਕੇ ਪਟਿਆਲਾ ਸ਼ਹਿਰ ਦੇ ਹੋਰ ਵੀ ਬਹੁਤ ਸਾਰੇ ਲੋਕ ਇਸ ਗੁ:ਕਮੇਟੀ ਵਿੱਚ ਸ਼ਾਮਲ ਹੋਣ ਦਾ ਯਤਨ ਕਰਨ ਲੱਗੇ।
ਇਸ ਤੋਂ ਬਾਅਦ ਇਹ ਤਾਮੀਰ ਦਾ ਕੰਮ ਸੰਨ 1934 ਤੋਂ 1942 ਤੱਕ ਲਗਾਤਾਰ ਜਾਰੀ ਰਹਿਣ ‘ਤੇ ਗੁ:ਸਾਹਿਬ ਦੀ ਡਿਓਢੀ, ਤਿੰਨ ਮੰਜ਼ਿਲਾ ਬਿਲਡਿੰਗ ਸਮੇਤ ਚੁਫੇਰੇ ਦੀਆਂ ਹੋਰ ਬਹੁਤ ਸਾਰੀਆਂ ਬਿਲਡਿੰਗਾਂ ਜਿਹਨਾਂ ਵਿੱਚ ਸੇਵਾਦਾਰਾਂ, ਗ੍ਰੰਥੀ ਸਿੰਘਾਂ ਤੇ ਸਿੱਖ ਸੰਗਤਾਂ ਲਈ ਰਿਹਾਇਸ਼ ਮਕਾਨ ਤੇ ਹੋਰ ਬਹੁ ਗਿਣਤੀ ਦੇ ਅਨੇਕਾਂ ਕਮਰੇ ਸ਼ਾਮਲ ਹਨ, ਬਣ ਕੇ ਤਿਆਰ ਹੋ ਗਈਆਂ ।

                    ਇਹ ਸਾਰਾ ਖਰਚ ਜਿਸ ਦੀ ਗਿਣਤੀ ਕਈ ਲੱਖ ਰੁਪਏ ਤੱਕ ਜਾ ਅੱਪੜਦੀ ਹੈ, ਸਿਰਫ ਸਿੱਖ ਸੰਗਤਾਂ ਦੀ ਸਹਾਇਤਾ ਤੇ ਉਦਾਰਤਾ ਦੇ ਸਹਾਰੇ ਹੀ ਜੋ ਉਹਨਾਂ ਨੇ ਬੜੀ ਖੁੱਲ੍ਹ-ਦਿਲੀ ਨਾਲ ਗੁਰੂ ਘਰ ਨੂੰ ਦਿੱਤੀ, ਸਿਰੇ ਚੜ੍ਹਿਆ ਹੈ।

Gurdwara Shri Dukh Niwaran Sahib History

Gurdwara Shri Dukh Niwaran Sahib Patiala the holy shrine of Sikhism and is situated at Sirhind Road Patiala (earlier Lehal Village) which is in close proximity of Patiala Bus Stand and Patiala Railway Station. This place was graced by Ninth Sikh Guru, Shri Guru Sri Tegh Bahadur Ji.

History of Gurdwara Dukhnivaran Sahib
As per and old handwritten document which is still present in the Gurdwara, a villager named Bhag Ram of Lehal went to the neighboring town of Saifabad (currently Bahadurgarh) and requested Shri Guru Sri Tegh Bahadur Ji to visit Lehal village and bless that area which was captivated by a deadly and mysterious disease. After hearing this, Shri Guru Sri Tegh Bahadur Ji went to Lehal village on Magh Sudi 5, 1728 Bikram i.e. 24th January 1672. Guru ji spent some time alongside the village pond by preaching and meditating under a Banyan tree. Shortly thereafter the village got rid of that deadly disease. Dukniwaran Sahib was the name given to the place where Guru Ji sat which literally means the ‘eradicator of suffering’. The pond became famous for its curing virtues.

Importance of Gurdwara
On Basant Panchmi, large gathering of people visit this place to pay obeisance and take a dip in holy water. It is believed that the person who takes a dip in the Holy Tank (Sarovar) on Panchmi is relieved of all ailments.

Gurdwara Shri Dukh Niwaran Sahib Patiala is now maintained by Shiromani Gurdwara Parbandhak Committee. By the mutual efforts of donators and SGPC daily Langar is run in which free food is offered to all without any sort of discrimination.